Wednesday, 17 August 2016

ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ!

ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ!
ਜੀ ਮੈਂ ਜੱਗ ਵਿੱਚ ਫਿਰਦਾ ਹਾਂ ਹਾਰਿਆ!

ਸਾਰੇ ਚਾਂਈਂ ਚਾਂਈਂ ਰੱਖੜੀ ਬੰਨ੍ਹਾਉਂਦੇ ਨੇ
ਫਿਰ ਕੇ ਇਕ ਦੂਜੇ ਨੂੰ ਦਿਖਾਉਂਦੇ ਨੇ
ਸੀਨਾ ਜਾਂਦੈ ਛੁਰਿਆਂ ਦੇ ਨਾਲ ਪਾੜਿਆ
ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ!

ਭੈਣਾਂ ਵਰਗਾ ਨਾ ਦੁਨੀਆਂ 'ਤੇ ਸਾਕ ਵੇ
ਜਦੋਂ ਵੀਰਾ ਕਹਿ ਕੇ ਮਾਰਦੀ ਹਾਕ ਵੇ
ਬੰਦਾ ਜਾਂਦੈ ਅਸਮਾਨ ਉੱਤੇ ਚਾੜ੍ਹਿਆ
ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ!

ਮੈਂ ਵੀ ਭੈਣ ਨੂੰ ਡੋਲੀ ਦੇ ਵਿੱਚ ਪਾਊਂਗਾ
ਫੇਰ ਤੀਆਂ ਨੂੰ ਸੰਧਾਰਾ ਲੈ ਕੇ ਜਾਊਂਗਾ
ਜਦੋਂ ਮਾਮਾ ਬਣੂ ਦਿਲ ਜਾਊ ਠਾਰਿਆ
ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ!

ਮੇਰੇ ਵਿਆਹ ਦੀਆਂ ਘੋੜੀਆਂ ਉਹ ਗਾਊਗੀ
ਸਿਹਰਾ ਬੰਨ੍ਹੂ, ਨਾਲੇ ਕਲਗੀ ਸਜਾਊਗੀ
ਭੈਣ ਬਿਨਾਂ ਕਿੱਦਾਂ ਜਾਊਂ ਮੈਂ ਸ਼ਿੰਗਾਰਿਆ?
ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ!

ਭੈਣਾਂ ਬਿਨਾਂ ਕਾਹਦਾ ਦੁਨੀਆਂ ’ਚ ਸੀਰ ਵੇ?
ਏਹੀ ਸਾਕ ਜਿਹੜਾ ਨਿੱਭਦਾ ਅਖੀਰ ਵੇ
ਸੰਗ ਮਿੱਤਰਾਂ ਰਲ਼ਾ ਦੇ, ਮਿਹਰਾਂ ਵਾਲਿਆ!
ਇਕ ਭੈਣ ਦੇ ਦੇ ਰੱਬਾ ਵੇ ਪਿਆਰਿਆ !
ਸਾਉਣ ਦਾ ਮਹੀਨਾ ਗਿਆ 

ਰੁੱਤ ਆੜੀਆਂ ਪਾਉਣ ਦੀ ਆਈ ਕਿ  ਸਾਉਣ ਦਾ ਮਹੀਨਾ ਗਿਆ
ਰੁੱਤ ਹੱਸਣ ਹਸਾਉਣ ਦੀ ਆਈ ਕਿ ਕਿ ਸਾਉਣ ਦਾ ਮਹੀਨਾ ਗਿਆ

ਛਪ ਛਪ ਪਾਣੀ ਵਿੱਚ ਭੱਜੇ ਫਿਰੀਏ
ਬੋਚ ਬੋਚ ਤੁਰੀਏ ਕਦੇ ਨਾ ਗਿਰੀਏ
ਰੁੱਤ ਭਿੱਜਣ ਭਿਜਾਉਣ ਦੀ ਆਈ ਕਿ ਸਾਉਣ ਦਾ ਮਹੀਨਾ ਗਿਆ
ਰੁੱਤ ਆੜੀਆਂ ਪਾਉਣ ਦੀ ਆਈ ਕਿ ਸਾਉਣ ਦਾ ਮਹੀਨਾ ਗਿਆ

ਛਮ ਛਮ ਮੀਂਹ ਦੇ ਵਿੱਚ ਆਪਾਂ ਨੱਚੀਏ
ਹੋਈੇਏ ਨਾ ਬੀਮਾਰ ਇਹ ਵੀ ਚੇਤੇ ਰੱਖੀਏ
ਰੁੱਤ ਗੱਲਾਂ ਸਮਝਾਉਣ ਦੀ ਆਈ  ਕਿ ਸਾਉਣ ਦਾ ਮਹੀਨਾ ਗਿਆ
ਰੁੱਤ ਆੜੀਆਂ ਪਾਉਣ ਦੀ ਆਈ ਕਿ ਸਾਉਣ ਦਾ ਮਹੀਨਾ ਗਿਆ

ਅੱਧੀ ਛੁੱਟੀ ਵੇਲੇ ਟਿਫਨਾਂ ਨੂੰ ਚੱਕੀਏ
ਪੂੜਿਆਂ ਤੇ ਖੀਰ ਦਾ ਸੁਆਦ ਚੱਖੀਏ
ਰੁੱਤ ਵੰਡਣ ਵੰਡਾਉਣ ਦੀ ਆਈ  ਕਿ ਸਾਉਣ ਦਾ ਮਹੀਨਾ ਗਿਆ
ਰੁੱਤ ਆੜੀਆਂ ਪਾਉਣ ਦੀ ਆਈ ਕਿ ਸਾਉਣ ਦਾ ਮਹੀਨਾ ਗਿਆ

ਨਿੱਕੇ ਨਿੱਕੇ ਬਾਲ ਬਈ ਬਣਾਈਏ ਟੋਲੀਆਂ
ਜ਼ਿਦੋ ਜ਼ਿਦੀ ਜੋੜ ਕੇ  ਸੁਣਾਈਏ ਬੋਲੀਆਂ
ਰੁੱਤ ਸਿੱਖਣ ਸਿਖਾਉਣ ਦੀ ਆਈ ਕਿ ਸਾਉਣ ਦਾ ਮਹੀਨਾ ਗਿਆ
ਰੁੱਤ ਆੜੀਆਂ ਪਾਉਣ ਦੀ ਆਈ ਕਿ ਸਾਉਣ ਦਾ ਮਹੀਨਾ ਗਿਆ
ਸਾਉਣ ਦਾ ਮਹੀਨਾ ਗਿਆ ਕਿ ਸਾਉਣ ਦਾ ਮਹੀਨਾ ਗਿਆ..


ਅਸੀਂ ਪੈਰ-ਪੈਰ ਜ਼ਿੰਦਗੀ ਉਸਾਰ ਲੈਣੀ            

ਅਸੀਂ ਨਿੱਕੇ ਨਿੱਕੇ ਬਾਲ,ਪਾਈਏ ਖੇਡਾਂ ' ਧਮਾਲ
ਫੇਰ ਪੜ੍ਹ-ਪੜ੍ਹ ਮੱਲ ਕੋਈ ਮਾਰ ਲੈਣੀ 
ਅਸੀਂ ਪੈਰ-ਪੈਰ ਜ਼ਿੰਦਗੀ ਉਸਾਰ ਲੈਣੀ

ਕਦੇ ਚੋਰ ਤੇ ਸਿਪਾਹੀਆਂ,ਕਦੇ ਦੁੱਕੜੇ ਤੇ ਦਾਈਆਂ
ਫੇਰ ਹਾਕੀਆਂ-ਕਬੱਡੀਆਂ ਦੀ ਸਾਰ ਲੈਣੀ
ਅਸੀਂ ਵੀਡੀਓ ਦੀ ਗੇਮ ਹੀ ਵਿਸਾਰ ਦੇਣੀ

ਭਾਵੇਂ ਗੁੱਸੇ ਹੋਵੇ ਬੇਲੀ, ਭਾਵੇਂ ਰੁੱਸ ਜਾਏ ਸਹੇਲੀ
ਨਿੱਕੀ ਜਿਹੀ ਮਾਫੀ ਮੰਗ ਪੁਚਕਾਰ ਲੈਣੀ
ਹਾਸੀ ਸਭਨਾਂ ਦੇ ਮੁੱਖ 'ਤੇ ਖਿਲਾਰ ਦੇਣੀ

ਚਾਹੇ ਟੁੱਟ ਜਾਏ ਖਿਡੌਣਾ,ਅਸੀਂ ਕਦੀ ਵੀ ਨਾ ਰੋਣਾ
ਅਸੀਂ ਲੀਰਾਂ ਹੋਈ ਖਿਦੋ ਵੀ  ਸੰਵਾਰ ਲੈਣੀ
ਅਸੀਂ ਪਾਟੀ ਹੋਈ ਗੁੱਡੀ ਵੀ ਸ਼ਿੰਗਾਰ ਲੈਣੀ

ਰੁੱਖਾਂ ਉਤੇ ਚੜ੍ਹ ਜਾਈਏ, ੳਥੇ ਆਲ੍ਹਣੇ ਬਣਾਈਏ
ਅਸੀਂ ਪੰਛੀਆਂ ਤੋਂ ਦੋਸਤੀ ਉਧਾਰ ਲੈਣੀ   
ਉਚੇ ਅੰਬਰਾਂ ਦੇ  ਵੱਲ ਨੂੰ ਉਡਾਰ  ਲੈਣੀ

ਅਸੀਂ ਛੋਟੇ ਵੱਡੇ ਬਾਲ,ਪਾਈਏ ਖੇਡਾਂ ਧਮਾਲ
ਫੇਰ ਪੜ੍ਹ-ਪੜ੍ਹ ਮੱਲ ਕੋਈ ਮਾਰ ਲੈਣੀ 
ਅਸੀਂ ਪੈਰ-ਪੈਰ ਜ਼ਿੰਦਗੀ ਉਸਾਰ ਲੈਣੀ